ਟਰੈੱਵਲ ਏਜੰਟ ਵੱਲੋਂ ਆਪਣੇ ਨਾਲ ਹੋਈ ਠੱਗੀ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ।
image

ਅੰਮ੍ਰਿਤਸਰ,-ਡੌਰ-ਭੌਰੇ ਜਿਹੇ ਇੱਕ ਦੂਸਰੇ ਦੇ ਮੂੰਹ ਵੱਲ ਝਾਕਦੇ 25-30 ਨੌਜਵਾਨਾਂ ਦਾ ਸਮੂਹ ਸਥਾਨਕ ਅੰਮ੍ਰਿਤਸਰ ਕਚਿਹਰੀ ‘ਚ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਦੇ ਦਫਤਰਾਂ ਵੱਲ ਤਰਸ ਭਰੀਆਂ ਨਜ਼ਰਾਂ ਚੁੱਕੀ ਅੰਮ੍ਰਿਤਸਰ ਦੇ ਇੱਕ ਕਥਿਤ ਧੌਖੇਬਾਜ਼ ‘ਟਰੈਵਲ ਏਜੰਟ‘ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਇਨ੍ਹਾਂ ਨੌਜਵਾਨਾਂ ਨਾਲ ਕਵੈਤ ਭੇਜਣ ਦੇ ਨਾਮ ‘ਤੇ ਮਾਰੀ ਲੱਖਾਂ ਦੀ ਠੱਗੀ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਆਇਆ ਪਰ ਚੋਣ ਜਿੰਮੇਵਾਰੀ ‘ਚ ਰੁੱਝੇ ਉਕਤ ਆਲ੍ਹਾ ਅਧਿਕਾਰੀਆਂ ਨੇ ਕੱਲ੍ਹ ਕਾਰਵਾਈ ਕਰਨ ਦਾ ਭਰੋਸਾ ਦੇ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ।
ਆਪਣੀ ਵਿੱਥਿਆ ਸੁਣਾਉਂਦਿਆਂ ਮ੍ਹਾਤੜ ਘਰਾਂ ਦੇ ਲੱਗਦੇ ਉਕਤ ਭੋਲੇ ਭਾਲੇ ਨੌਜਵਾਨਾਂ ਦੱਸਿਆ ਕਿ ਬੇਰੋਜ਼ਗਾਰੀ ਤੋਂ ਤੰਗ ਉਹ 5 ਦਸੰਬਰ ਦੀ ਇਕ ਪੰਜਾਬੀ ਅਖਬਾਰ (ਅਜੀਤ ਨਹੀਂ) ‘ਚ ‘ਬੀ. ਪੀ. ਐੱਸ. ਟੂਰ ਟਰੈਵਲ‘ ਵਲੋਂ ਕੇ. ਜੀ. ਐੱਲ. ਕੰਪਨੀ ਦੇ ਨਾਂ ‘ਤੇ ਕਵੈਤ ਜਾਣ ਲਈ ਕਾਮਿਆਂ ਦੀ ਮੰਗ ਦਾ ਇਸ਼ਤਿਹਾਰ ਪੜ੍ਹ ਕੇ

ਅੰਮ੍ਰਿਤਸਰ ਸਥਿਤ ਉਕਤ ਕੰਪਨੀ ਵਲੋਂ ਦੱਸੇ ਪਤੇ 25 ਦੀਪ ਕੰਪਲੈਕਸ ਕੋਰਟ ਰੋਡ ‘ਤੇ ਪੁੱਜੇ। ਜਿਥੇ ਆਪਣਾ ਨਾਂ ਕੁਲਵਿੰਦਰ ਸਿੰਘ ਦੱਸ ਕੇ ਇਕ ਨੌਜਵਾਨ ਵਲੋਂ ਉਥੇ ਮੌਜੂਦ ਉਸ ਦੇ ਕਰਮਚਾਰੀ ਜਿੰਨਾਂ ‘ਚ ਦੋ ਲੜਕੇ ਤੇ ਦੋ ਲੜਕੀਆਂ ਸਨ, ਰਾਹੀਂ ਉਨਾਂ ਕੋਲੋਂ 55000 ਤੋਂ 120000 ਰੁਪਏ ਪ੍ਰਤੀ ਵਿਅਕਤੀ ਦੀ ਰਾਸ਼ੀ ਨਾਲ ਕਵੈਤ ਭੇਜਣ ਦਾ ਤਹਿ ਕਰਕੇ ਪੰਜਾਬ ਭਰ ਤੋਂ ਆਏ ਇਨ੍ਹਾਂ 60-70 ਨੌਜਵਾਨਾਂ ਨੂੰ ਸਥਾਨਕ ਗਿੱਲ ਸਕੈਨ ਸੈਂਟਰ, ਨੈਸ਼ਨਲ ਸ਼ਾਪਿੰਗ ਕੰਪੈਲਕਸ ਵਿਖੇ ਡਾਕਟਰੀ ਕਰਵਾਉਣ ਦੇ ਨਾਂ ‘ਤੇ ਭੇਜ ਦਿੱਤਾ। ਉਥੇ ਸਕੈਨ ਸੈਂਟਰ ਵਾਲਿਆਂ ਉਨਾਂ ਤੋਂ ਕਥਿਤ 2750 ਰੁਪਏ ਪ੍ਰਤੀ ਵਿਅਕਤੀ ਮੈਡੀਕਲ ਦੇ ਨਾਂ ‘ਤੇ ਵਸੂਲ ਲਏ ਤੇ ਉਨਾਂ ਦੇ ਪਾਸਪੋਰਟ ਉਕਤ ਕੁਲਵਿੰਦਰ ਸਿੰਘ ਨੇ ਰੱਖ ਲਏ। ਲਗਭਗ 20-22 ਦਿਨ ਬਾਅਦ ਉਕਤ ਏਜੰਟ ਵਲੋਂ ਉਨਾਂ ਦਾ ਵੀਜ਼ਾ ਲੱਗ ਗਿਆ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਆਪਣੇ ਦਫਤਰ ਸੱਦ ਕੇ ਉਨ੍ਹਾਂ ਕੋਲੋਂ ਤਹਿ ਕੀਤੇ ਪੈਸੇ ਵਸੂਲ ਕੇ ਜਾਣ ਦੀ ਤਿਆਰੀ ਕਰਨ ਲਈ ਕਹਿ ਦਿੱਤਾ। ਉਨਾਂ ਨੂੰ ਬਕਾਇਦਾ ਹਵਾਈ ਟਿਕਟਾਂ ਵੀ ਦਿੱਤੀਆਂ ਗਈਆਂ ਅਤੇ ਦਿੱਲੀ ਜਾਣ ਲਈ ਰੇਲ ਗੱਡੀ ‘ਤੇ ਸਵਾਰ ਕਰਵਾ ਲਿਆ। ਅੰਮ੍ਰਿਤਸਰ, ਹੁਸ਼ਿਆਰਪੁਰ, ਮੋਗਾ, ਜਲੰਧਰ, ਗੁਰਦਾਸਪੁਰ, ਫਿਰੋਜ਼ਪੁਰ, ਤਰਨ ਤਾਰਨ, ਜਗਰਾਉਂ, ਬਰਨਾਲਾ ਆਦਿ ਜਿਲਿਆਂ ਨਾਲ ਸਬੰਧਿਤ ਉਕਤ ਨੌਜਵਾਨ ਮਨ ‘ਚ ਰੁਜਗਾਰ ਦੇ ਸੁਪਨੇ ਸੰਜੋਏ ਉਹ ਦਿੱਲੀ ਵੱਲ ਏਜੰਟ ਦੇ ਨਾਲ ਜਾ ਰਹੇ ਸਨ ਜਿਥੋਂ ਰਸਤੇ ‘ਚ ਰਾਜਪੁਰੇ ਲਾਗੇ ਕਥਿਤ ਕਬੂਤਰਬਾਜ਼ ਬਾਥਰੂਮ ਜਾਣ ਦੇ ਬਹਾਨੇ ਫਰਾਰ ਹੋ ਗਿਆ। ਬਿਪਤਾ ਦੇ ਮਾਰੇ ਨੌਜਵਾਨਾਂ ਜਦ ਵਾਪਸ ਅੰਮ੍ਰਿਤਸਰ ਆਏ ਤਾਂ ਉਕਤ ਦਫਤਰ ਬੰਦ ਸੀ। ਜਿਥੇ ਦਫਤਰ ਸੀ ਉਸ ਇਮਾਰਤ ਦੇ ਮਾਲਕ ਕੋਲੋਂ ਜਦ ਪੁਛਿਆ ਤਾਂ ਉਸਨੇ ਕਥਿਤ ਦੋਸ਼ੀ ਦੀ ਸ਼ਨਾਖਤ ਸੁਮਨਜੀਤ ਸਿੰਘ ਪੁਤਰ ਬਲਦੇਵ ਸਿੰਘ 57 ਦਲੀਪ ਐਵੀਨਿਊ ਦੱਸਦਿਆਂ ਉਸਦੇ ਪਾਸਪੋਰਟ ਦੀ ਨਕਲ ਦਿਖਾ ਦਿੱਤੀ ਜੋ ਕਿ 5000 ਰੁਪੈ ਪ੍ਰਤੀ ਮਹੀਨਾ ਦੇ ਕਿਰਾਏ ‘ਤੇ ਉਸ ਪਾਸ ਕਿਰਾਏਦਾਰ ਸੀ। ਨਕਲੀ ਨਾਂ ਦਾ ਪਤਾ ਲੱਗਣ ‘ਤੇ ਉਨਾਂ ਨੂੰ ਹੋਈ ਠੱਗੀ ਦਾ ਯਕੀਨ ਹੋਇਆ। ਉਕਤ ਸੁਮਨਜੀਤ ਸਿੰਘ ਦੇ ਨਾਲ ਕਥਿਤ ਤੌਰ ‘ਤੇ ਉਨਾਂ ਨੂੰ ਗਿੱਲ ਸਕੈਨ ਦੇ ਵੀ ਰਲੇ ਹੋਣ ਦਾ ਸ਼ੱਕ ਹੈ। ਇਹ ਨੌਜਵਾਨ ਆਪਣੀ ਬੇਇੱਜ਼ਤੀ ਦੇ ਡਰੋਂ ਖੁੱਲ੍ਹ ਕੇ ਤਸਵੀਰ ਕਰਵਾਉਣ ਲਈ ਤਿਆਰ ਵੀ ਨਹੀਂ ਸਨ। ਉਨਾਂ ਇਸ ਸਬੰਧੀ ਸ਼ਿਕਾਇਤ ਦੇ ਕੇ ਨਿਆਂ ਪ੍ਰਾਪਤੀ ਲਈ ਪੁਲਿਸ ਕਮਿਸ਼ਨਰ ਦਫਤਰ ਵਲ ਵਹੀਰਾਂ ਕੀਤੀਆਂ ਪਰ ਚੋਣ ਸਰਗਰਮੀਆਂ ‘ਚ ਰੁਝੇ ਅਧਿਕਾਰੀਆਂ ਨੇ ਉਨਾਂ ਤੋਂ ਲਿਖਤੀ ਸ਼ਿਕਾਇਤ ਲੈਂਦਿਆਂ ਕਲ੍ਹ ਤੋਂ ਕਾਰਵਾਈ ਸ਼ੁਰੂ ਕਰਨ ਦਾ ਭਰੋਸਾ ਦੇ ਕੇ ਤੋਰ ਦਿੱਤਾ।

E-PAPER

page-1-final-final-(1)

Latest News