ਢਿੱਲੋਂ ਤੇ ਡੌਲੀ ਨੇ ਰੋਕਿਆ ਰੰਧਾਵਾ ਤੇ ਸ਼ਰਮੇ ਦਾ ਰਾਹ
ਚਰਚੇ :
ਐਨ ਕੇ ਸ਼ਰਮਾ ਤਾਂ ਆਪਣੇ ਗੁਰੂ ਕੈਪਟਨ ਕੰਵਲਜੀਤ ਸਿੰਘ ਦਾ ਵੀ ਨਹੀਂ ਬਣਿਆ ਲੋਕਾਂ ਦਾ ਕਿੱਥੋਂ ਬਣੇਗਾ
ਜਸਜੀਤ ਰੰਧਾਵਾ ਤਾਂ ਡੇਰਾਬਸੀ ਹਲਕੇ ਦੀਆਂ ਗਲੀਆਂ ਵੀ ਨਹੀਂ ਜਾਣਦਾ ਲੋਕਾਂ ਦਾ ਦਰਦ ਕੀ ਜਾਣੇਗਾ
ਡੇਰਾਬਸੀ/: ਪੰਜਾਬ ਵਿਚ 117 ਹਲਕਿਆਂ ਵਿਚੋਂ ਹਲਕਾ ਡੇਰਾਬਸੀ ਵੀ ਇਸ ਵਾਰ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਗੜ ਰਿਹਾ ਇਹ ਇਲਾਕਾ ਇਨਾਂ ਚੋਣਾਂ ਵਿਚ ਉਨਾਂ ਦੀ ਕਮੀ ਨੂੰ ਮਹਿਸੂਸ ਕਰ ਰਿਹਾ ਹੈ। ਜਦੋਂ ਤੱਕ ਕੈਪਟਨ ਕੰਵਲਜੀਤ ਸਿੰਘ ਇਥੋਂ ਚੋਣ ਲੜਦੇ ਰਹੇ ਤਦ ਤੱਕ ਉਨਾਂ ਦੂਜੀਆਂ ਪਾਰਟੀਆਂ ਨੂੰ ਉਭਰਨ ਦਾ ਮੌਕਾ ਨਹੀਂ ਦਿੱਤਾ। ਉਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਨਾਂ ਦੇ ਪੁੱਤਰ ਜਸਜੀਤ ਸਿੰਘ ਬਨੀ ਹਮਦਰਦੀ ਦੀ ਵੋਟ ਦੇ ਸਹਾਰੇ ਜ਼ਿਮਨੀ ਚੋਣ ’ਚ ਐਮ ਐਲ ਏ ਬਣੇ। ਪਰ ਇਨਾਂ ਚੋਣਾਂ ਵਿਚ ਹਲਕੇ ਦੀ ਤਸਵੀਰ ਬਿਲਕੁਲ ਬਦਲੀ ਹੋਈ ਹੈ। ਕਾਂਗਰਸ ਪਾਰਟੀ ਵੱਲੋਂ ਬਗਾਵਤ ਕਰਕੇ ਮੈਦਾਨ ਵਿਚ ਉਤਰੇ ਦੀਪਇੰਦਰ ਸਿੰਘ ਢਿੱਲੋਂ ਅਤੇ ਅਕਾਲੀ ਦਲ ਤੋਂ ਬਗਾਵਤ ਕਰਕੇ ਮੈਦਾਨ ਵਿਚ ਨਿੱਤਰੀ ਕੈਪਟਨ ਕੰਵਲਜੀਤ ਸਿੰਘ ਦੀ ਧੀ ਮਨਪ੍ਰੀਤ ਡੌਲੀ ਨੇ ਚੋਣਾਂ ਲੜ ਰਹੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਸੁੱਕਣੇ ਪਾਇਆ ਹੋਇਆ ਹੈ।
1,77,700 ਦੇ ਕਰੀਬ ਵੋਟਰਾਂ ਵਾਲੇ ਹਲਕਾ ਡੇਰਾਬਸੀ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਸੱਤਾ ਲਈ ਲੜਨ ਵਾਲੀਆਂ ਪ੍ਰਮੁੱਖ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਹਾਸ਼ੀਏ ’ਤੇ ਨਜ਼ਰ ਆ ਰਹੀਆਂ ਹਨ। ਇਨਾਂ ਦੋਵਾਂ ਪਾਰਟੀਆਂ ਦੇ ਮੈਦਾਨ ਵਿਚ ਉਤਰੇ ਉਮੀਦਵਾਰਾਂ ਨੂੰ ਉਨਾਂ ਦੀਆਂ ਪਾਰਟੀਆਂ ਦੇ ਹੀ
ਭਾਈਵਾਲ ਰਹੇ ਅਜ਼ਾਦ ਉਮੀਦਵਾਰ ਤਕੜੀ ਟੱਕਰ ਹੀ ਨਹੀਂ ਦੇ ਰਹੇ ਬਲਕਿ ਫੈਸਲਾਕੁੰਨ ਲੜਾਈ ਵੀ ਲੜ ਰਹੇ ਹਨ। ਸਿਆਸੀ ਮਾਹਿਰਾਂ ਦੀਆਂ ਰਿਪੋਰਟਾਂ ਅਤੇ ਹਲਕੇ ਵਿਚ ਹੋ ਰਹੀਆਂ ਚਰਚਾਵਾਂ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਹਲਕਾ ਡੇਰਾਬਸੀ ਵਿਚ ਕਾਂਗਰਸ ਦੇ ਉਮੀਦਵਾਰ ਜਸਜੀਤ ਸਿੰਘ ਰੰਧਾਵਾ ਬਾਗੀਆਂ ਅਤੇ ਅਕਾਲੀ ਦਲ ਤੋਂ ਪਿਛੜ ਕੇ ਚੱਲ ਰਹੇ ਹਨ। ਕਾਰਨ ਸਪੱਸ਼ਟ ਹੈ ਕਿ ਹਲਕਾ ਡੇਰਾਬਸੀ ਦੀ ਸਾਰੀ ਕਾਂਗਰਸ ਆਜ਼ਾਦ ਉਮੀਦਵਾਰ ਅਤੇ ਪਾਰਟੀ ਤੋਂ ਬਾਗੀ ਹੋਏ ਦੀਪਇੰਦਰ ਸਿੰਘ ਢਿੱਲੋਂ ਦੀ ਪਿੱਠ ’ਤੇ ਖਲੋ ਗਈ ਹੈ ਜਦੋਂਕਿ ਚੰਦ ਕਾਂਗਰਸੀਆਂ ਦੇ ਸਹਾਰੇ ਰੰਧਾਵਾ ਅਜੇ ਪਿੰਡਾਂ ਦੇ ਰਾਹ ਪਛਾਨਣ ਵਿਚ ਹੀ ਜੁਟੇ ਹਨ। ਦੂਜੇ ਪਾਸੇ ਅਕਾਲੀ ਦਲ ਨੇ ਜਿਸ ਉਮੀਦਵਾਰ ਐਨ ਕੇ ਸ਼ਰਮਾ ਨੂੰ ਮੈਦਾਨ ਵਿਚ ਉਤਾਰਿਆ ਹੈ, ਇਸ ਆਗੂ ਦੀ ਇਕ ਦਿਨ ਇਸ ਹਲਕੇ ਵਿਚ ਚੜਤ ਵੀ ਰਹੀ ਜਦੋਂ ਉਨਾਂ ਜ਼ੀਰਕਪੁਰ ਨਗਰ ਕੌਂਸਲ ਚੋਣਾਂ ਅਜ਼ਾਦ ਲੜਦਿਆਂ 15 ’ਚੋਂ 10 ਸੀਟਾਂ ਜਿੱਤ ਲਈਆਂ ਸਨ। ਪਰ ਐਨ ਕੇ ਸ਼ਰਮਾ ’ਤੇ ਹਲਕਾ ਵਾਸੀਆਂ ਨੂੰ ਇਸ ਗੱਲ ਦਾ ਰੋਸਾ ਹੈ ਕਿ ਉਹ ਪਹਿਲਾਂ ਤਾਂ ਆਪਣੇ ਸਿਆਸੀ ਗੁਰੂ ਕੈਪਟਨ ਕੰਵਲਜੀਤ ਸਿੰਘ ਦਾ ਸਾਥ ਛੱਡ ਗਏ, ਫਿਰ ਉਨਾਂ ਦੇ ਪਰਿਵਾਰ ਦਾ ਸਾਥ ਛੱਡ ਗਏ ਅਤੇ ਆਖਿਰ ਆਪਣੀ ਸਿਆਸੀ ਲਾਲਸਾ ਲਈ ਹਲਕਾ ਵਾਸੀਆਂ ਦਾ ਸਾਥ ਛੱਡ ਕੇ ਸਿਆਸੀ ਜ਼ਮੀਨ ਤਲਾਸ਼ਣ ਮੁਹਾਲੀ ਹਲਕੇ ਵਿਚ ਜਾ ਵੜੇ। ਇੰਝ ਅਕਾਲੀ ਦਲ ਅਤੇ ਕਾਂਗਰਸ ਲਈ ਹਲਕਾ ਡੇਰਾਬਸੀ ਵਿਚ ਜਿੱਥੇ ਦਿੱਲੀ ਦੂਰ ਨਜ਼ਰ ਆਉਂਦੀ ਹੈ ਉਥੇ ਕਾਂਗਰਸ ਤੋਂ ਬਾਗੀ ਹੋਏ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੂੰ ਲੋਕਾਂ ਵੱਲੋਂ ਮਿਲ ਰਿਹਾ ਭਰਪੂਰ ਸਮਰਥਨ, ਹਲਕੇ ਵਿਚ ਕਰਵਾਏ ਕੰਮਾਂ ਅਤੇ ਸਾਦਗੀ ਸਦਕਾ ਹਲਕਾ ਵਾਸੀ ਦੀਪਇੰਦਰ ਸਿੰਘ ਢਿੱਲੋਂ ਵੱਲ ਨੂੰ ਉਲਰ ਰਹੇ ਹਨ। ਇੰਝ ਹੀ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਦੇ ਦੋਫਾੜ ਹੋ ਜਾਣ ਦੇ ਬਾਵਜੂਦ ਬੀਬੀ ਮਨਪ੍ਰੀਤ ਡੌਲੀ ਨੂੰ ਵੀ ਕੈਪਟਨ ਕੰਵਲਜੀਤ ਸਿੰਘ ਨੂੰ ਚਾਹੁਣ ਵਾਲੇ ਚੰਗਾ ਸਮਰਥਨ ਦੇ ਰਹੇ ਹਨ। ਅਜਿਹੇ ਮਾਹੌਲ ਨੂੰ ਦੇਖਦਿਆਂ ਹਲਕਾ ਡੇਰਾਬਸੀ ਵਿਚ ਜਿੱਥੇ ਕਾਂਗਰਸ ਅਤੇ ਅਕਾਲੀ ਦਲ ਦਾ ਰਾਹ ਔਕੜਾਂ ਭਰਿਆ ਬਣ ਗਿਆ ਹੈ ਉਥੇ ਲੋਕ ਇਹ ਵੀ ਗੱਲਾਂ ਕਰਦੇ ਹਨ ਕਿ ਅਕਾਲੀ ਉਮੀਦਵਾਰ ਆਪਣੀ ਲੋੜ ਅਨੁਸਾਰ ਹਲਕਾ ਬਦਲ ਲੈਂਦਾ ਹੈ ਅਤੇ ਕਾਂਗਰਸੀ ਉਮੀਦਵਾਰ ਆਪਣੇ ਘਰੋਂ ਵੀ ਨਕਾਰਿਆ ਹੈ ਤੇ ਇਥੇ ਸਾਡਾ ਕਿਵੇਂ ਬਣ ਸਕਦਾ ਹੈ। ਅਜਿਹੀਆਂ ਚਰਚਾਵਾਂ ਵਿਚ ਲੋਕ ਫਤਵਾ ਬਾਗੀਆਂ ਦੀ ਝੋਲੀ ਵਿਚ ਪੈਣ ਦੇ ਆਸਾਰ ਹਨ, ਜਿਨਾਂ ’ਚੋਂ ਦੀਪਇੰਦਰ ਸਿੰਘ ਢਿੱਲੋਂ ਰੇਸ ’ਚ ਸਭ ਤੋਂ ਮੋਹਰੀ ਨਜ਼ਰ ਆਉਂਦੇ ਹਨ।