ਮਨਜੀਤ ਸਿੰਘ ਕਲਕੱਤਾ ਵਲੋਂ ਕਾਂਗਰਸ ਦੀ ਹਮਾਇਤ
ਖਰੜ-:ਇਥੇ ਅਨਾਜ ਮੰਡੀ ਵਿਚ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਮੰਤਰੀ ਸ. ਜਗਮੋਹਨ ਸਿੰਘ ਕੰਗ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਪੰਜਾਬ ਨੂੰ ਆਰਥਕ ਪੱਖੋਂ ਮਜ਼ਬੂਤ ਰਾਜ ਮੰਨਿਆ ਜਾਂਦਾ ਸੀ ਪਰ ਅਕਾਲੀ-ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੁਣ ਇਹ ਸੂਬਾ ਪੂਰੀ ਤਰ੍ਹਾਂ ਪਛੜ ਕੇ ਰਹਿ ਗਿਆ ਹੈ। 1947 ਤੋਂ ਬਾਅਦ ਪੰਜਾਬ ਵਿਚ ਮੌਜੂਦਾ ਅਕਾਲੀ-ਭਾਜਪਾ ਸਰਕਾਰ ਸੱਭ ਤੋਂ ਵੱਧ ਭ੍ਰਿਸ਼ਟ ਸਾਬਤ ਹੋਈ ਹੈ। 47 ਲੱਖ ਨੌਜਵਾਨ ਬੇਰੁਜ਼ਗਾਰ ਹਨ, ਸਨਅਤਾਂ ਬੰਦ ਹੋ ਗਈਆਂ ਹਨ। 900 ਫ਼ੈਕਟਰੀਆਂ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਵਿਚ ਚਲੀਆਂ ਗਈਆਂ ਹਨ। ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ ਅਤੇ ਗ਼ਰੀਬ ਅਪਣੇ ਬੱਚਿਆਂ ਨੂੰ ਰੋਜ਼ੀ-ਰੋਟੀ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਵੀ ਏਨੀ ਮਾੜੀ ਹੋ ਚੁੱਕੀ ਹੈ ਕਿ ਔਰਤਾਂ ਦੇ ਕੰਨਾਂ ਵਿਚੋਂ ਵਾਲੀਆਂ ਖਿੱਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਟਰਾਂਸਪੋਰਟ, ਠੇਕੇ, ਰੇਤਾ, ਕੇਬਲ ਮਾਫ਼ੀਆ ਉਤੇ ਬਾਦਲਾਂ ਦਾ ਕਬਜ਼ਾ ਹੈ ਅਤੇ ਫ਼ਾਸਟਵੇਅ ਕੰਪਨੀ ਬਾਦਲਾਂ ਨੂੰ ਕਰੋੜਾਂ ਰੁਪਏ ਕਮਾ ਕੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਖੇਤੀ ਵਿਵਸਥਾ ਤਬਾਹ ਹੋ ਚੁੱਕੀ ਹੈ ਪਰ ਫਿਰ ਵੀ ‘ਭਾਈ ਪ੍ਰਕਾਸ਼ ਸਿੰਘ ਬਾਦਲ‘ ਤੇ ‘ਭਾਈ ਸੁਖਬੀਰ ਸਿੰਘ ਬਾਦਲ‘ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ। ਉਨ੍ਹਾਂ
ਕੈਬਨਿਟ ਮੰਤਰੀ ਤੀਕਸ਼ਣ ਸੂਦ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਵਿਰੁਧ ਵੀ ਵਿਭਾਗ ਵਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਦੋਵੇਂ ਪਿਉ-ਪੁੱਤ ਆਟਾ-ਦਾਲ ਸਕੀਮ ਅਤੇ ਮੁਫ਼ਤ ਬਿਜਲੀ ਸਬੰਧੀ ਗ਼ਰੀਬ ਪਰਵਾਰਾਂ ਤੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ ਪਰ ਉਨ੍ਹਾਂ ਐਲਾਨ ਕੀਤਾ ਕਿ ਇਹ ਸਕੀਮਾਂ ਜਾਰੀ ਰਹਿਣਗੀਆਂ ਅਤੇ ਹੋਰ ਵੀ ਸਹੂਲਤਾਂ ਸੂਬੇ ਦੇ ਲੋਕਾਂ ਨੂੰ ਦਿਆਂਗੇ ਤੇ ਪੰਜਾਬ ਨੂੰ ਇਕ ਨੰਬਰ ਸੂਬਾ ਬਣਾਵਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਮੇਂ ਰਿਲਾਇੰਸ ਨਾਲ ਸਮਝੌਤਾ ਕਰ ਕੇ ਪੰਜਾਬ ਦੇ 12400 ਪਿੰਡਾਂ ਵਿਚ
ਸਬਜ਼ੀਆਂ ਪੈਦਾ ਕਰਨ ਲਈ ਸਕੀਮ ਤਿਆਰ ਕੀਤੀ ਗਈ ਸੀ ਜਿਸ ਨੂੰ ਸਿਆਸੀ ਬਦਲਾਖੋਰੀ ਕਾਰਨ ਅੱਗੇ ਨਹੀਂ ਤੋਰਿਆ ਗਿਆ। ਕਾਂਗਰਸ ਸਰਕਾਰ ਬਣਨ ‘ਤੇ ਕਿਸਾਨਾਂ ਦੀ ਪੈਦਾਵਾਰ ਵਧਾਉਣ ਲਈ ਨਵੀਆਂ ਫ਼ੈਸਲਾਂ ਲੈ ਕੇ ਆਵਾਂਗੇ। ਉਨ੍ਹਾਂ ਖਰੜ ਸ਼ਹਿਰ ਦੇ ਮਾਸਟਰ ਪਲਾਨ ਸਬੰਧੀ ਕਿਹਾ ਕਿ ਸਰਕਾਰ ਬਣਨ ‘ਤੇ ਇਸ ਨੂੰ ਲੋਕਾਂ ਦੀ ਰਾਇ ਨਾਲ ਮੁੜ ਵਿਚਾਰਿਆ ਜਾਵੇਗਾ। ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਬੀਬੀ ਅੰਬਿਕਾ ਸੋਨੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਨੌਜਵਾਨ ਰੁਜ਼ਗਾਰ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਕੌਮਾਂਤਰੀ ਨੀਤੀਆਂ ਕਾਰਨ ਭਾਰਤੀ ਨੌਜਵਾਨਾਂ ਨੂੰ ਵਿਦੇਸ਼ ਵਿਚ ਰੁਜ਼ਗਾਰ ਦੇ ਵੱਡੇ ਮੌਕੇ ਮਿਲ ਰਹੇ ਹਨ ਪਰ ਪੰਜਾਬ ਵਿਚ ਬੇਰੁਜ਼ਗਾਰੀ ਕਿਉਂ ਫੈਲੀ ਹੋਈ ਹੈ? ਉਨ੍ਹਾਂ ਕਿਹਾ ਕਿ ਸੂਬੇ ਦੇ 45 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਪਿੱਛੇ ਅਕਾਲੀ-ਭਾਜਪਾ ਗਠਜੋੜ ਦੀਆਂ ਨੀਤੀਆਂ ਸਪੱਸ਼ਟ ਝਲਕਦੀਆਂ ਹਨ। ਸਥਾਨਕ ਅਨਾਜ ਮੰਡੀ ਵਿਚ ਵੱਡੀ ਰੈਲੀ ਵਿਚ ਉਨ੍ਹਾਂ ਕਿਹਾ ਕਿ ਗਠਜੋੜ ਸਰਕਾਰ ਕਾਰਨ ਪੰਜਾਬ ਵਿਕਾਸ ਪੱਖੋਂ ਬਹੁਤ ਪਛੜ ਗਿਆ ਹੈ ਜਦਕਿ ਗੁਆਂਢੀ ਸੂਬੇ ਹਰਿਆਣਾ ਵਿਚ ਕਾਂਗਰਸ ਸਰਕਾਰ ਦੀ ਰਹਿਨੁਮਾਈ ਵਿਚ ਬੇਤਹਾਸ਼ਾ ਤਰੱਕੀ ਹੋਈ ਹੈ। ਬੀਬੀ ਅੰਬਿਕਾ ਸੋਨੀ ਨੇ ਕਿਹਾ ਕਿ ਲੋਕ ਪੰਜ ਸਾਲ ਪਹਿਲਾਂ ਕੀਤੀ ਗ਼ਲਤੀ ਮੁੜ ਨਾ ਕਰਨ ਅਤੇ ਵਿਕਾਸ ਲਈ ਕਾਂਗਰਸ ਨੂੰ ਚੁਣਨ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਪੰਜਾਬ ਦਾ ਰੀਕਾਰਡ ਤੋੜ ਵਿਕਾਸ ਕੀਤਾ ਪਰ ਅੱਜ ਅਕਾਲੀ-ਭਾਜਪਾ ਗਠਜੋੜ ਨੇ ਸੂਬੇ ਨੂੰ ਵਿਕਾਸ ਪੱਖੋਂ ਕਾਫ਼ੀ ਪਿੱਛੇ ਧੱਕ ਦਿਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀਆਂ ਫ਼ਸਲਾਂ ਤੁਰਤ ਚੁਕੀਆਂ ਗਈਆਂ ਅਤੇ ਜ਼ਮੀਨਾਂ ਦੀਆਂ ਕੀਮਤਾਂ ਅਸਮਾਨ ‘ਤੇ ਪੁੱਜੀਆਂ। ਬੀਬੀ ਸੋਨੀ ਨੇ ਪੀ.ਟੀ.ਸੀ. ਬਾਰੇ ਕਿਹਾ ਕਿ ਜਿਥੇ ਸਾਰੀਆਂ ਭਾਸ਼ਾਵਾਂ ਦੇ ਦੇਸ਼ ਭਰ ਦੇ ਚੈਨਲਾਂ ਨੇ ਕੈਟਪਟਨ ਦੀਆਂ ਅੱਧਾ-ਅੱਧਾ ਘੰਟਾ ਇੰਟਰਵਿਊ ਚਲਾਈਆਂ, ਉਥੇ ਪੀ.ਟੀ.ਸੀ. ਨੇ ਕਾਂਗਰਸ ਦੀ ਇਕ ਫ਼ੋਟੋ ਤਕ ਵੀ ਨਾ ਵਿਖਾਈ, ਇਸ ਪਿੱਛੇ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਇਸ ਚੈਨਲ ਦੀ ਕੀ ਮੰਸ਼ਾ ਹੈ? ਕੈਪਟਨ ਨੇ ਕਿਹਾ ਕਿ ਕਾਂਗਰਸ ਦੇ ਜ਼ਿਆਦਾਤਰ ਬਾਗ਼ੀਆਂ ਨੂੰ ਮਨਾ ਲਿਆ ਗਿਆ ਹੈ ਤੇ ਜਿਹੜੇ ਨਹੀਂ ਮੰਨੇ ਹਨ, ਉਨ੍ਹਾਂ ਵਿਰੁਧ ਅਨੁਸ਼ਾਸਨੀ ਕਾਰਵਾਈ ਛੇਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਅਕਸ ਪਾਰਟੀ ਨਾਲ ਹੀ ਹੁੰਦਾ ਹੈ ਤੇ ਪਾਰਟੀ ਤੋਂ ਬਾਹਰ ਨਿਕਲ ਕੇ ਕਿਸੇ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ ਤੇ ਕੁੱਝ ਸਮੇਂ ਵਿਚ ਹੀ ਅਜਿਹੇ ਵਿਅਕਤੀਆਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਨ੍ਹਾਂ ਪਾਰਟੀ ਵਿਰੁਧ ਬਗ਼ਾਵਤ ਕਰ ਕੇ ਠੀਕ ਨਹੀਂ ਕੀਤਾ। ਸੂਤਰ ਦਸਦੇ ਹਨ ਕਿ ਪਾਰਟੀ ਨੇ ਵਿਸ਼ੇਸ਼ ਨੀਤੀ ਬਣਾਈ ਹੈ ਕਿ ਜਿਹੜੇ ਬਾਗ਼ੀ ਹੋਏ ਹਨ ਤੇ ਉਹ ਜੇ ਅਗਲੇ ਪੰਜ ਸਾਲ ਬਾਅਦ ਵੀ ਮੁੜ ਪਾਰਟੀ ਨਾਲ ਜੁੜਦੇ ਹਨ ਤਾਂ ਉਨ੍ਹਾਂ ਨੂੰ ਉਸ ਤੋਂ ਅਗਲੇ ਪੰਜ ਸਾਲਾਂ ਤਕ ਇੰਤਜ਼ਾਰ ਹੀ ਕਰਨਾ ਪਵੇਗਾ। ਭਾਵ ਬਾਗ਼ੀਆਂ ਦੇ ਦਸ ਸਾਲ ਕਾਂਗਰਸ ਦੀ ਸਿਆਸਤ ਤੋਂ ਖ਼ਤਮ ਹੋ ਜਾਣਗੇ। ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਰਵਣੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਵਿਚ ਗੁੰਡਾ ਰਾਜ ਹੈ ਤੇ ਇਸ ਨੂੰ ਮੁਕਾਉਣ ਲਈ ਕਾਂਗਰਸ ਹੀ ਇਕ ਬਦਲ ਹੈ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ। ਉਨ੍ਹਾਂ ਕੈਪਟਨ ਨੂੰ ਅਪੀਲ ਕੀਤੀ ਕਿ ਸੂਬੇ ਵਿਚ ਕਾਂਗਰਸ ਸਰਕਾਰ ਸੱਤਾ ਵਿਚ ਆਉਣ ‘ਤੇ ਖਰੜ ਇਲਾਕੇ ਵਿਚ ਸਰਕਾਰੀ ਕਾਲਜ, ਸੀਵਰੇਜ਼ ਪਲਾਟ, ਬੱਸ ਅੱਡਾ, ਸਨਅਤਾਂ ਵਰਗੇ ਪ੍ਰਾਜੈਕਟ ਲਿਆਂਦੇ ਜਾਣ। ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਹੀ ਖਰੜ ਸ਼ਹਿਰ ਦਾ ਵਿਕਾਸ ਹੋਇਆ ਸੀ ਪਰ ਅੱਜ ਖਰੜ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਹੈ ਤੇ ਭੌਂ-ਮਾਫ਼ੀਆ ਸਰਗਰਮ ਹੈ, ਦੁਕਾਨਾਂ ਖੋਲ੍ਹੀਆਂ ਹਨ ਤੇ ਇਕ ਗਰੁੱਪ ਭੌਂ ਮਾਫ਼ੀਆਂ ਵਜੋਂ ਕੰਮ ਕਰ ਰਿਹਾ ਹੈ। ਸਾਬਕਾ ਮੰਤਰੀ ਤੇ ਖਰੜ ਹਲਕੇ ਤੋਂ ਉਮੀਦਵਾਰ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਉਨ੍ਹਾਂ ਮੋਰਿੰਡਾ ਹਲਕੇ ਦੀ 20 ਸਾਲ ਸੇਵਾ ਕੀਤੀ ਹੈ ਅਤੇ ਖਰੜ ਹਲਕੇ ਵਿਚ ਮੋਰਿੰਡਾ ਦਾ ਬਹੁਤਾ ਇਲਾਕਾ ਸ਼ਾਮਲ ਹੋ ਗਿਆ ਹੈ ਜਿਸ ਕਾਰਨ ਪਾਰਟੀ ਨੇ ਪੰਜਵੀਂ ਵਾਰ ਉਨ੍ਹਾਂ ਨੂੰ ਟਿਕਟ ਦੇ ਕੇ ਸੇਵਾ ਕਰਨ ਦਾ ਮੌਕਾ ਦਿਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਮੁਹਾਲੀ ਨੂੰ ਜ਼ਿਲ੍ਹਾ ਬਣਾਇਆ ਅਤੇ ਮਾਸਟਰ ਪਲਾਨ ਜਿਸ ਨਾਲ ਸ਼ਹਿਰ ਨਿਵਾਸੀ ਤੰਗ ਹਨ, ਸਬੰਧੀ ਉਨ੍ਹਾਂ ਕਾਂਗਰਸ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਕਾਂਗਰਸ ਸਰਕਾਰ ਬਣਨ ਬਾਰੇ ਵਿਚਾਰ ਕੀਤਾ ਜਾਵੇਗਾ। ਕਾਂਗਰਸੀ ਆਗੂ ਰਾਜਬੀਰ ਸਿੰਘ ਪਡਿਆਲਾ ਨੇ ਕਿਹਾ ਕਿ ਉਹ ਪਾਰਟੀ ਲਈ ਕੰਮ ਕਰਨਗੇ ਕਿਉਂਕਿ ਉਨ੍ਹਾਂ ਦੇ ਪਰਵਾਰ ਨੂੰ ਹਲਕੇ ਦੇ ਲੋਕਾਂ ਨੇ ਸਤਿਕਾਰ ਦਿਤਾ ਹੈ। ਚੰਡੀਗੜ੍ਹ-: ਸੀਨੀਅਰ ਅਕਾਲੀ ਆਗੂ ਤੇ ਪ੍ਰਸਿੱਧ ਵਿਦਵਾਨ ਮਨਜੀਤ ਸਿੰਘ ਕਲਕੱਤਾ ਨੇ ਕਾਂਗਰਸ ਨੂੰ ਅਪਣਾ ਸਮਰਥਨ ਦੇ ਦਿਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਹੀ ਪੰਜਾਬ ਨੂੰ ਬਚਾ ਸਕਦੀ ਹੈ ਜਿਸ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਤਬਾਹੀ ਵਲ ਧਕੇਲ ਦਿਤਾ ਹੈ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਇੰਚਾਰਜ ਠਾਕੁਰ ਗੁਲਚੈਨ ਸਿੰਘ ਚੜਕ ਅਤੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਕਲਕੱਤਾ ਨੇ ਕਿਹਾ ਕਿ ਹਾਲਾਂਕਿ ਅਪਣੀ ਪੂਰੀ ਜ਼ਿੰਦਗੀ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਨਾਂ ‘ਚ ਬਤੌਰ ਜਨਰਲ ਸਕੱਤਰ ਪੰਥ ਦੀ ਸੇਵਾ ਕੀਤੀ ਪਰ ਅਫ਼ਸੋਸਜਨਕ ਹੈ ਕਿ ਅਕਾਲੀ ਦਲ ਤੇ ਐਸ.ਜੀ.ਪੀ.ਸੀ. ਹੁਣ ਪਹਿਲਾਂ ਵਰਗੇ ਨਹੀਂ ਰਹੇ। ਇਹ ਬਾਦਲਾਂ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ। ਉਨ੍ਹਾਂ ਪੰਥ ਤੇ ਪੰਜਾਬ ਦੇ ਹਿਤਾਂ ਦੀ ਰਾਖੀ ਖ਼ਾਤਰ ਬਾਦਲ ਨੂੰ ਸੱਤਾ ‘ਚ ਵਾਪਸ ਆਉਣ ਤੋਂ ਰੋਕਣ ‘ਤੇ ਜ਼ੋਰ ਦਿਤਾ। ਅਕਾਲੀ ਆਗੂ ਨੇ ਦੁੱਖ ਪ੍ਰਗਟ ਕੀਤਾ ਕਿ ਐਸ.ਜੀ.ਪੀ.ਸੀ ਨੇ ਅਪਣੀ ਸੁਤੰਤਰਤਾ ਗਵਾ ਲਈ ਹੈ ਤੇ ਇਹ ਅਕਾਲੀ ਦਲ ਦੀ ਤਬਾਹੀ ਦਾ ਇਕ ਜ਼ਰੀਆ ਬਣ ਗਈ ਹੈ, ਇਸ ਨੂੰ ਪੂਰੀ ਤਰ੍ਹਾਂ ਨਾਲ ਬਾਦਲ ਪਰਵਾਰ ਵਲੋਂ ਕੰਟਰੋਲ ਕੀਤਾ ਜਾ ਰਿਹਾ ਹੈ। ਚੜਕ ਤੇ ਕੈਪਟਨ ਨੇ ਕਲਕੱਤਾ ਦਾ ਪਾਰਟੀ ਨੂੰ ਸਮਰਥਨ ਦੇਣ ‘ਤੇ ਸਵਾਗਤ ਕੀਤਾ।