Punjab_Policeਗੁਰਦਾਸਪੁਰ-ਪੰਜਾਬ ਅੰਦਰ 1993 ਵਿਚ ਅੱਤਵਾਦ ਦੇ ਦਿਨਾਂ ਦੌਰਾਨ ਇਸ ਜ਼ਿਲ੍ਹੇ ਦੇ ਪਿੰਡ ਸੋਹਲ ਦੇ ਖਾੜਕੂ ਗੁਰਮੀਤ ਸਿੰਘ ਸੋਹਲ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੇ ਦੋਸ਼ਾਂ ਵਿਚ ਇਕ ਚਲਾਨ ਰਾਹੀਂ ਸੀ. ਬੀ. ਆਈ. ਵੱਲੋਂ ਦੋਸ਼ੀ ਠਹਿਰਾਏ ਗਏ ਪੰਜਾਬ ਪੁਲਿਸ ਦੇ 3 ਉਪ ਪੁਲਿਸ ਕਪਤਾਨਾਂ ਸਮੇਤ 17 ਪੁਲਿਸ ਅਧਿਕਾਰੀਆਂ ਨੂੰ ਗੁਰਦਾਸਪੁਰ ਦੀ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਸ਼ਾਮਿਲ 3 ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ ਇਕ ਡੀ .ਐਸ. ਪੀ. ਸਵਰਨ ਸਿੰਘ, ਹੌਲਦਾਰ ਸੁਲੱਖਣ ਸਿੰਘ ਅਤੇ ਲਾਂਸ ਨਾਇਕ ਗੁਰਦੁਆਰ ਸਿੰਘ ਸ਼ਾਮਿਲ ਸਨ। ਜਾਣਕਾਰੀ ਅਨੁਸਾਰ 1993 ਵਿਚ ਉਕਤ ਗੁਰਮੀਤ ਸਿੰਘ ਸੋਹਲ ਇਕ ਮਾਮਲੇ ਵਿਚ ਆਪਣੀ ਪਤਨੀ ਸਮੇਤ ਤਿਹਾੜ ਜੇਲ੍ਹ ਦਿੱਲੀ ਅੰਦਰ ਬੰਦ ਸੀ। ਇਸ ਦੇ ਬਾਅਦ 14-5-93 ਨੂੰ ਗੁਰਦਾਸਪੁਰ ਜ਼ਿਲ੍ਹੇ ਅੰਦਰ ਪੈਂਦੇ ਥਾਣਾ ਧਾਰੀਵਾਲ ਦੀ ਪੁਲਿਸ ਤਿਹਾੜ ਜੇਲ੍ਹ ਦਿੱਲੀ ਅੰਦਰ ਬੰਦ ਉਕਤ ਖਾੜਕੂ ਗੁਰਮੀਤ ਸਿੰਘ ਸੋਹਲ ਨੂੰ ਕਿਸੇ ਹੋਰ ਮਾਮਲੇ ਵਿਚ ਹਥਿਆਰਾਂ ਦੀ ਬਰਾਮਦਗੀ ਵਾਸਤੇ ਪ੍ਰੋਡਕਸ਼ਨ ਵਰੰਟ ‘ਤੇ ਧਾਰੀਵਾਲ ਲੈ ਆਈ ਸੀ। ਪੁਲਿਸ ਦੀ ਕਹਾਣੀ ਅਨੁਸਾਰ ਧਾਰੀਵਾਲ ਥਾਣੇ ਦੀ ਪੁਲਿਸ ਗੁਰਮੀਤ ਸਿੰਘ ਸੋਹਲ ਨੂੰ ਹਥਿਆਰਾਂ

ਦੀ ਬਰਾਮਦਗੀ ਵਾਸਤੇ ਧਾਰੀਵਾਲ ਥਾਣੇ ਅੰਦਰ ਪੈਂਦੇ ਪਿੰਡ ਰੱਤੋਵਾਲ ਤਲਵੰਡੀ ਵਿਖੇ ਲਿਜਾ ਰਹੀ ਸੀ। ਰਸਤੇ ‘ਚ ਇਸ ਕਥਿਤ ਖਾੜਕੂ ਦੇ ਸਾਥੀਆਂ ਵੱਲੋਂ ਗੁਰਮੀਤ ਸਿੰਘ ਸੋਹਲ ਨੂੰ ਹੱਥਕੜੀਆਂ ਸਮੇਤ ਛੁਡਵਾਉਣ ਦੀ ਕੀਤੀ ਗਈ ਕੋਸ਼ਿਸ਼ ਦੌਰਾਨ ਚੱਲੀ-ਦੁਵੱਲੀ ਗੋਲੀ ‘ਚ ਗੁਰਮੀਤ ਸਿੰਘ ਸੋਹਲ ਮਾਰਿਆ ਗਿਆ ਸੀ। ਪੁਲਿਸ ਅਨੁਸਾਰ ਗੁਰਮੀਤ ਸਿੰਘ ਸੋਹਲ 16-5-93 ਨੂੰ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ। ਇਸ ਦੇ ਬਾਅਦ ਉਕਤ ਮ੍ਰਿਤਕ ਖਾੜਕੂ ਦੀ ਪਤਨੀ ਰਵਿੰਦਰ ਕੌਰ ਵੱਲੋਂ ਮਾਣਯੋਗ ਹਾਈਕੋਰਟ ਵਿਚ ਰਿੱਟ ਦਾਇਰ ਕਰਕੇ ਕਿਹਾ ਗਿਆ ਸੀ ਕਿ ਉਸ ਦੇ ਪਤੀ ਨੂੰ  ਧਾਰੀਵਾਲ ਥਾਣੇ ਦੀ ਪੁਲਿਸ ਨੇ ਝੂਠੇ ਮੁਕਾਬਲੇ ਵਿਚ ਮਾਰਿਆ ਹੈ। ਮਾਣਯੋਗ ਹਾਈਕੋਰਟ ਵੱਲੋਂ ਇਹ ਮਾਮਲਾ ਤਫਤੀਸ਼ ਵਾਸਤੇ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਸੀ.ਬੀ. ਆਈ. ਵੱਲੋਂ ਪੇਸ਼ ਕੀਤੇ ਗਏ ਚਲਾਨ ਵਿਚ 3 ਪੁਲਿਸ ਉਪ ਕਪਤਾਨਾਂ ਸਮੇਤ 17 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤਰ੍ਹਾਂ ਇਹ ਚਲਾਨ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਦੀ ਅਦਾਲਤ ਵਿਚ ਪਿਛਲੇ 16 ਸਾਲਾਂ ਤੋਂ ਚੱਲ ਰਿਹਾ ਸੀ। ਸੀ. ਬੀ. ਆਈ. ਵੱਲੋਂ ਦਫ਼ਾ 302 ਤਹਿਤ ਦੋਸ਼ੀ ਠਹਿਰਾਏ ਗਏ 17 ਪੁਲਿਸ ਅਧਿਕਾਰੀਆਂ ਦੀ ਤਰਫ਼ੋਂ ਗੁਰਦਾਸਪੁਰ ਦੇ ਪ੍ਰਸਿੱਧ ਫ਼ੌਜਦਾਰੀ ਵਕੀਲ ਹਰਭਜਨ ਸਿੰਘ ਵੱਲੋਂ ਇਸ ਮਾਮਲੇ ਦੀ ਪੈਰਵਾਈ ਕੀਤੀ ਜਾ ਰਹੀ ਸੀ। ਸ੍ਰੀਮਤੀ ਹਰਵੀਨ ਭਾਰਦਵਾਜ ਵਧੀਕ ਅਤੇ ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਉਕਤ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ਾਂ ਦੇ ਸਬੰਧ ਵਿਚ ਕੋਈ ਗਵਾਹ ਨਾ ਹੋਣ ਕਾਰਨ ਨਾਮਜ਼ਦ ਸਾਰੇ 17 ਪੁਲਿਸ ਅਧਿਕਾਰੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚੋਂ 3 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਚੁੱਕੀ ਹੈ। ਬਰੀ ਹੋਏ ਪੁਲਿਸ ਅਧਿਕਾਰੀਆਂ ਦੇ ਵਕੀਲ ਹਰਭਜਨ ਸਿੰਘ ਨੇ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਬਰੀ ਕੀਤੇ ਗਏ ਪੁਲਿਸ ਅਧਿਕਾਰੀਆਂ ਵਿਚ ਡੀ. ਐਸ.ਪੀ. ਤਿਲਕ ਰਾਜ, ਮ੍ਰਿਤਕ ਡੀ. ਐਸ. ਪੀ. ਸਵਰਨ ਸਿੰਘ ਤੋਂ ਇਲਾਵਾ ਬਲਬੀਰ ਸਿੰਘ, .ਏ. ਐਸ.ਆਈ. ਦਲਜੀਤ ਸਿੰਘ, ਹੈਡ ਕਾਂਸਟੇਬਲ ਮੁਖਤਿਆਰ ਸਿੰਘ, ਹੈਡ ਕਾਂਸਟੇਬਲ ਸਵਿੰਦਰ ਸਿੰਘ, ਮ੍ਰਿਤਕ ਹੈਡ ਕਾਂਸਟੇਬਲ ਸੁਲੱਖਣ ਸਿੰਘ, ਅਮਰਜੀਤ ਸਿੰਘ, ਹੈਡ ਕਾਂਸਟੇਬਲ ਨਿਰਮਲ ਸਿੰਘ, ਕਾਂਸਟੇਬਲ ਹਰਦੀਪ ਸਿੰਘ, ਕਾਂਸਟੇਬਲ ਸੁਖਵਿੰਦਰ ਸਿੰਘ, ਬਿਸ਼ੰਬਰ ਸਿੰਘ, ਹੈਡ ਕਾਂਸਟੇਬਲ ਗੁਰਦਰਸ਼ਨ ਸਿੰਘ, ਹੈਡ ਕਾਂਸਟੇਬਲ ਦਲੀਪ ਕੁਮਾਰ, ਮ੍ਰਿਤਕ ਗੁਰਦੁਆਰ ਸਿੰਘ, ਕਾਂਸਟੇਬਲ ਸੁਖਜਿੰਦਰ ਸਿੰਘ ਅਤੇ ਕਾਂਸਟੇਬਲ ਸੁਨੀਲ ਦੱਤ ਸ਼ਾਮਿਲ ਹਨ।

E-PAPER

page-1-final-final-(1)

Latest News