ਜੇਕਰ ਬਤੌਰ ਅਭਿਨੇਤਾ ਸ਼ਾਹਿਦ ਕਪੂਰ ਦਾ ਸਫ਼ਰ ਵਾਚਿਆ ਜਾਏ ਤਾਂ ਫ਼ਿਲਮ ‘ਚਾਂਸ ਪੇ ਡਾਂਸ’ ਉਸ ਦੀ ਅਸਲ ਜ਼ਿੰਦਗੀ ਨਾਲ ਕਾਫ਼ੀ ਮੇਲ ਖਾਂਦਾ ਹੈ। ਜਿਨ੍ਹਾਂ ਦਿਨਾਂ ’ਚ ਸ਼ਾਹਿਦ ਕੋਲ ਕਾਰ ’ਚ ਤੇਲ ਪਾਉਣ ਲਈ ਪੈਸੇ ਨਹੀਂ ਸਨ ਹੁੰਦੇ ਤੇ ਮਕਾਨ ਦਾ ਕਿਰਾਇਆ ਵੀ ਦੇਣਾ ਮੁਸ਼ਕਿਲ ਸੀ ਉਹ ਦਿਨ ਸ਼ਾਹਿਦ ਨੇ ਸੱਚ-ਮੁੱਚ ਚੇਤੇ ਰੱਖੇ ਹਨ। ਹੁਣ ਸ਼ਾਹਿਦ ’ਤੇ ਅੱਲਾ ਦੀ ਕਿਰਪਾ ਹੈ। ਗੱਲ ਡਾਂਸ ਦੀ ਤਾਂ ਮਾਈਕਲ ਜੈਕਸਨ ਉਸ ਦਾ ਆਦਰਸ਼ ਡਾਂਸਰ ਹੈ। ਨਵੇਂ ਲੋਕਾਂ ’ਚੋਂ ਰਿਤਿਕ ਰੌਸ਼ਨ, ਗੋਵਿੰਦਾ ਤੇ ਜਸਟਿਨ ਟਿੰਬਰ ਲੇਕ ਉਸ ਦੇ ਪਸੰਦੀਦਾ ਡਾਂਸਰ ਹਨ। ਸ਼ਾਹਿਦ ਆਖਦਾ ਹੈ ਕਿ ਕੇਨ ਘੋਸ਼ ਨਾਲ ਉਸ ਨੇ ਤਿੰਨ ਫ਼ਿਲਮਾਂ ਕੀਤੀਆਂ ਹਨ। ਕੇਨ ਨਾਲ ਉਹ ਖ਼ੂਬ ਘੁਲਿਆ ਮਿਲਿਆ ਹੈ। ਉਹ ਤਦ ਤੋਂ ਕੇਨ ਨੂੰ ਜਾਣਦਾ ਹੈ ਜਦ ਕੇਨ ਨਿਰਦੇਸ਼ਕ ਨਹੀਂ ਸੀ ਤੇ ਉਹ ਅਭਿਨੇਤਾ ਨਹੀਂ ਸੀ। ਸ਼ਾਹਿਦ ਕੇਨ ਨੂੰ ਨਿਰਦੇਸ਼ਕ ਨਹੀਂ ਦੋਸਤ ਕਹਿੰਦਾ ਹੈ। ਡੈਡੀ ਪੰਕਜ ਕਪੂਰ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਫ਼ਿਲਮ ਮੌਸਮ ਦੇ ਸਬੰਧ ’ਚ ਸ਼ਾਹਿਦ ਦਾ
ਕਹਿਣਾ ਹੈ ਕਿ ਹਾਲੇ ਇਸ ਸਬੰਧੀ ਕਹਿਣਾ ਜਲਦਬਾਜ਼ੀ ਹੋਏਗੀ ਕਿਉਂਕਿ ਅਜੇ ਤਾਂ ਉਸ ਦੇ ਡੈਡੀ ਫ਼ਿਲਮ ਦੀ ਪਟਕਥਾ ’ਚ ਰੁੱਝੇ ਹੋਏ ਹਨ। ਜਦ ਇਹ ਪੂਰੀ ਹੋਏਗੀ ਤਦ ਹੀ ਉਹ ਇਸ ਫ਼ਿਲਮ ਲਈ ਆਪਣੇ-ਆਪ ਨੂੰ ਤਿਆਰ ਕਰੇਗਾ ਕਿਉਂਕਿ ਇਹ ਫ਼ਿਲਮ ਉਸ ਦੇ ਡੈਡੀ ਦੀ ਹੋਏਗੀ। ਇਸ ਲਈ ਜ਼ਾਹਿਰ ਹੈ ਕਿ ਇਹ ਉਸ ਲਈ ਖਾਸੋ ਖਾਸ ਹੋਏਗੀ। ਸ਼ਾਹਿਦ ਦਾ ਮਨ ਹੈ ਕਿ ਜਦ ਵੀ ਡੈਡੀ ਕਹਿਣ ਤਦ ਹੀ ਉਨ੍ਹਾਂ ਦੀ ਫ਼ਿਲਮ ਲਈ ਉਹ ਹਾਜ਼ਿਰ ਹੋ ਕੇ ਆਪਣੇ-ਆਪ ਨੂੰ ਕਿਸਮਤ ਵਾਲਾ ਸਮਝੇ। ਸ਼ੁਰੂ ਤੋਂ ਹੀ ਉਹ ਸਾਦਾ ਰਿਹਾ ਹੈ ਇਸੇ ਲਈ ਮਰੂਤੀ ਹੋਣ ਦੇ ਬਾਵਜੂਦ ਉਹ ਆਟੋ ਰਿਕਸ਼ਾ ’ਤੇ ਵੀ ਜਾਂਦਾ ਰਿਹਾ ਹੈ।






