ਤੱਬੂ ਇਕ ਇਸ ਤਰ੍ਹਾਂ ਦੀ ਅਦਾਕਾਰਾ ਹੈ ਜੋ ਘੱਟ ਪਰ ਸੁਲਝੀਆਂ ਹੋਈਆਂ ਫ਼ਿਲਮਾਂ ਕਰਨਾ ਪਸੰਦ ਕਰਦੀ ਹੈ। ਤੱਬੂ ਦੀ ਪਿਛਲੀ ਫ਼ਿਲਮ ‘ਚੀਨੀ ਕਮ’ ਸੀ ਜੋ ਸਾਲ 2007 ਵਿਚ ਆਈ ਸੀ ਅਤੇ ਉਸੇ ਸਾਲ ਉਹ ‘ਓਮ ਸ਼ਾਂਤੀ ਓਮ’ ਵਿਚ ਵੀ ਕੁਝ ਸੈਕੰਡ ਲਈ ਨਜ਼ਰ ਆਈ ਸੀ। ਹੁਣ ਇਕ ਵਕਫ਼ੇ ਪਿੱਛੋਂ ‘ਤੋ ਬਾਤ ਪੱਕੀ’ ਰਾਹੀਂ ਤੱਬੂ ਆਪਣੀ ਵਾਪਸੀ ਕਰ ਰਹੀ ਹੈ। ਇਸ ਫ਼ਿਲਮ ਦਾ ਨਿਰਮਾਣ ਸੰਗੀਤ ਕੰਪਨੀ ਟਿਪਸ ਵੱਲੋਂ ਕੀਤਾ ਗਿਆ ਹੈ ਅਤੇ ਇਸ ਨੂੰ ਮਰਾਠੀ ਫ਼ਿਲਮਾਂ ਦੇ ਨਿਰਦੇਸ਼ਕ ਕੇਦਾਰ ਸ਼ਿੰਦੇ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।
‘ਤੋ ਬਾਤ ਪੱਕੀ’ ਇਕ ਹਲਕੀ ਫੁਲਕੀ ਕਾਮੇਡੀ ਫ਼ਿਲਮ ਹੈ ਅਤੇ ਇਸ ਵਿਚ ਤੱਬੂ ਦੇ ਨਾਲ ਸ਼ਰਮਨ ਜੋਸ਼ੀ ਅਤੇ ਵਤਸਲ ਸੇਠ ਹੈ। ਟਿਪਸ ਵਾਲਿਆਂ ਦੀ ਹੀ ਫ਼ਿਲਮ ‘ਟਾਰਜਨ-ਦ ਵੰਡਰ ਕਾਰ’ ਤੋਂ ਇੰਟਰੋਡਿਊਸ ਹੋਏ ਵਤਸਲ ਇਸ ਫ਼ਿਲਮ ਨੂੰ ਆਪਣੇ ਲਈ ਮਹੱਤਵਪੂਰਨ ਮੰਨਦੇ ਹਨ ਜਦੋਂ ਕਿ ‘ਗੋਲਮਾਲ’, ‘ਸਟਾਈਲ’, ‘ਥ੍ਰੀ ਈਡੀਅਟਸ’ ਆਦਿ ਫ਼ਿਲਮਾਂ ਦੀ ਬਦੌਲਤ ਦਰਸ਼ਕਾਂ ਨੂੰ ਗੁਦਗੁਦਾਉਣ ਵਾਲੇ ਸ਼ਰਮਨ ਜੋਸ਼ੀ ਇਸ ਫ਼ਿਲਮ ਨੂੰ ਆਪਣੇ ਲਈ ਇਸ ਲਈ ਖਾਸ ਮੰਨਦੇ ਹਨ ਕਿਉਂਕਿ ਇਸ ਫ਼ਿਲਮ ਦਾ ਦਾਰੋਮਦਾਰ ਕਾਫੀ ਹੱਦ ਤੱਕ ਉਨ੍ਹਾਂ ਦੇ ਮੋਢਿਆਂ ’ਤੇ ਹੈ।
‘ਤੋ ਬਾਤ ਪੱਕੀ’ ਵਿਚ ਤੱਬੂ ਇਕ ਇਸ ਤਰ੍ਹਾਂ ਦੀ ਕੁੜੀ ਦੀ ਭੂਮਿਕਾ ਨਿਭਾ ਰਹੀ ਹੈ ਜਿਸ ਲਈ ਵਿਆਹ ਦੇ ਇਕੋ ਵੇਲੇ ਦੋ ਰਿਸ਼ਤੇ ਆਉਂਦੇ ਹਨ। ਦੋ ਰਿਸ਼ਤਿਆਂ ਦੇ ਚੱਕਰ ਵਿਚ ਉਹ ਕਿਵੇਂ ਫਸ ਜਾਂਦੀ ਹੈ ਅਤੇ ਕਿਸ ਨੂੰ ਆਪਣਾ ਜੀਵਨ ਸਾਥੀ ਚੁਣਦੀ ਹੈ ਇਹ ਇਸ ਵਿਚ ਦਿਖਾਇਆ ਗਿਆ ਹੈ। ਇਸ ਫ਼ਿਲਮ ਵਿਚ ਕੰਮ ਕਰਨ ਦੇ ਤਜਰਬੇ ਬਾਰੇ ਤੱਬੂ ਕਹਿੰਦੀ ਹੈ, ‘ਹਾਲਾਂਕਿ ਇਸ ਤੋਂ ਪਹਿਲਾਂ ਮੈਂ ‘ਸਾਜਨ ਚਲੇ ਸਸੁਰਾਲ’, ‘ਬੀਵੀ ਨੰਬਰ 1’, ‘ਚਾਚੀ ਚਾਰ ਸੌ ਬੀਸ’, ‘ਹੇਰਾਫੇਰੀ’ ਵਰਗੀਆਂ ਕਾਮੇਡੀ ਫ਼ਿਲਮਾਂ ਕੀਤੀਆਂ ਪਰ ਜੇਕਰ ਤੁਸੀਂ ਇਨ੍ਹਾਂ ਫ਼ਿਲਮਾਂ ’ਤੇ ਧਿਆਨ ਕਰੋਗੇ ਤਾਂ ਦੇਖੋਗੇ ਕਿ ਉਨ੍ਹਾਂ ਵਿਚ ਮੇਰੀ ਗੰਭੀਰ ਭੂਮਿਕਾ ਸੀ। ਮੇਰੇ ਜ਼ਰੀਏ ਦਰਸ਼ਕਾਂ ਨੂੰ ਹਸਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀ। ਉਨ੍ਹਾਂ ਫ਼ਿਲਮਾਂ ਦੇ ਮੁਕਾਬਲੇ ਮੇਰੀ ਇਹ ਫ਼ਿਲਮ ਵੱਖਰੀ ਹੈ। ਇਸ ਵਿਚ ਮੈਂ ਵੀ ਕਾਮੇਡੀ ਦਾ ਹਿੱਸਾ ਬਣੀ ਹਾਂ ਅਤੇ ਸੱਚ ਕਹਾਂ ਤਾਂ ਆਪਣੇ ਕੈਰੀਅਰ ਵਿਚ ਮੈਨੂੰ ਪਹਿਲੀ ਵਾਰ ਇਸ ਫ਼ਿਲਮ ਰਾਹੀਂ ਕਾਮੇਡੀ ਦ੍ਰਿਸ਼ਾਂ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। ‘ਮਾਚਿਸ’, ‘ਹੂ ਤੂ ਤੂ’ ਆਦਿ ਫ਼ਿਲਮਾਂ ਵਿਚ ਮੇਰੀ ਗੰਭੀਰ ਭੂਮਿਕਾ ਨੂੰ ਪਸੰਦ ਕੀਤਾ ਗਿਆ ਸੀ ਅਤੇ ਉਮੀਦ ਹੈ ਕਿ ਹੁਣ ਇਸ ਰੋਲ ਵਿਚ ਵੀ ਦਰਸ਼ਕ ਮੈਨੂੰ ਪਸੰਦ ਕਰਨਗੇ।’
ਤੱਬੂ ਦੀ ਇਹ ਫ਼ਿਲਮ 19 ਫਰਵਰੀ ਨੂੰ ਪ੍ਰਦਰਸ਼ਿਤ ਹੋ ਰਹੀ ਹੈ ਅਤੇ ਉਮੀਦ ਹੈ ਕਿ ‘ਤੋ ਬਾਤ ਪੱਕੀ’ ਸਿਨੇਮਾ ਘਰਾਂ ਵਿਚ ਤੇ ਕਾਮੇਡੀ ਫ਼ਿਲਮਾਂ ਦੀ ਸੂਚੀ ਵਿਚ ਆਪਣੀ ਥਾਂ ਪੱਕੀ ਕਰਨ ਵਿਚ ਕਾਮਯਾਬ ਰਹੇਗੀ।






