ਨਵੀਂ ਦਿੱਲੀ, 4 ਮਾਰਚ — ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਾਊਦੀ ਅਰਬ ਯਾਤਰਾ ਨੂੰ ਸਫਲ ਮੰਨਦਿਆਂ ਸਰਕਾਰ ਨੇ ਅੱਜ ਕਿਹਾ ਕਿ ਦੋਵਾਂ ਦੇਸ਼ਾਂ ਨੇ ਅੱਤਵਾਦ, ਮਨੁੱਖੀ ਤਸਕਰੀ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਪਰਸਪਰ ਸੂਚਨਾਵਾਂ ਦੇ ਅਦਾਨ ਪ੍ਰਦਾਨ ਦੇ ਜਰੀਏ ਸਹਿਯੋਗ ਮਜਬੂਤ ਕਰਨ ਦਾ ਫੈਸਲਾ ਕੀਤਾ ਹੈ। ਲੋਕਸਭਾ ਵਿੱਚ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਣਾ ਨੇ ਪ੍ਰਧਾਨ ਮੰਤਰੀ ਦੀ ਇਸ ਯਾਤਰਾ ਤੇ ਦਿੱਤੇ ਬਿਆਨ ਵਿੱਚ ਕਿਹਾ ਕਿ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਵੱਲੋਂ 28 ਸਾਲ ਬਾਅਦ ਹੋਈ ਇਸ ਯਾਤਰਾ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਬੰਧਾਂ ਦੀ ਪ੍ਰਗਤੀ ਅਤੇ ਵਿਸ਼ੇਸ਼ ਰੂਪ ਨਾਲ ਦਿੱਲੀ ਘੋਸ਼ਣਾ ਦੇ ਪ੍ਰੋਗਰਾਮ ਦੀ ਸਮੀਖਿਆ ਕਰਨ ਦਾ ਮੌਕਾ ਮਿਲਿਆ।
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸਾਊਦੀ ਅਰਬ ਦੇ ਬਾਦਸ਼ਾਹ ਅਬਦੁੱਲਾ ਬਿਨ ਅਬਦੁੱਲ ਅਜੀਜ ਸਾਊਦੀ ਦੇ ਵਿਚਕਾਰ ਪ੍ਰਸਪਰ ਹਿੱਤ ਦੇ ਖੇਤਰੀ ਅਤੇ ਵੈਸ਼ਵਿਕ ਮੁੱਦਿਆਂ ਤੇ ਵੀ ਚਰਚਾ ਕੀਤੀ ਗਈ। ਕ੍ਰਿਸ਼ਣਾ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਅੱਤਵਾਦ ਅਤੇ ਹਿੰਸਾ ਦੀਆਂ ਗਤੀਵਿਧੀਆਂ ਦੀ ਨਿੰਦਾ ਨੂੰ ਦੁਬਾਰਾ ਦੁਹਰਾਇਆ। ਦੋਵਾਂ ਪੱਖਾਂ ਨੇ ਅੱਤਵਾਦੀ ਗਤੀਵਿਧੀਆਂ, ਰੁਪਏ ਦੀ ਤਸਕਰੀ, ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਮਨੁੱਖੀ ਤਸਕਰਾਂ ਦੇ ਸੰਬੰਧ ਵਿੱਚ ਸੂਚਨਾ ਦਾ ਆਦਾਨ ਪ੍ਰਦਾਨ ਕਰਨ ਅਤੇ ਇਨ੍ਹਾਂ ਖਤਰਿਆਂ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਵਿਕਸਿਤ ਕਰਨ ਵਿੱਚ ਸਹਿਯੋਗ ਵਧਾਉਣ ਤੇ ਸਹਿਮਤੀ ਦਿੱਤੀ ਹੈ। ਬਿਆਨ ਵਿੱਚ ਹਾਲਾਂਕਿ ਪ੍ਰਧਾਨ ਮੰਤਰੀ ਵੱਲੋਂ ਸਾਊਦੀ ਅਰਬ ਦੇ ਸ਼ਾਹ ਨੂੰ ਕੀਤੀ ਗਈ ਉਸ ਅਪੀਲ ਦਾ ਕੋਈ ਜਿਕਰ ਨਹੀਂ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਸਾਊਦੀ ਅਰਬ ਪਾਕਿਸਤਾਨ ਨੂੰ ਭਾਰਤ ਦੇ ਖਿਲਾਫ ਅੱਤਵਾਦ ਖਤਮ ਕਰਨ ਲਈ ਕਹੇ।






